« Back

International Women's Day 2017

Gallery - International Women's Day 2017

 

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੈਮੀਨਾਰ
ਮਹਿਲਾ ਦਿਵਸ 'ਤੇ ਔਰਤਾਂ ਨੂੰ ਆਪਣੇ ਹੱਕਾਂ ਲਈ ਡਟਣ ਦਾ ਸੱਦਾ

 

ਮੋਹਾਲੀ, 8 ਮਾਰਚ

 

ਅੱਜ ਇੱਥੇ ਵਿਕਾਸ ਭਵਨ ਮੋਹਾਲੀ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੈਮੀਨਾਰ ਕਰਕੇ ਔਰਤਾਂ ਨੂੰ ਆਪਣੀ ਰੱਖਿਆ ਆਪ ਕਰਨ ਲਈ ਸ਼ਕਤੀਸ਼ਾਲੀ ਹੋਣ ਦਾ ਸੱਦਾ ਦਿੱਤਾ ਗਿਆ। ਸਮਾਗਮ ਦੇ ਮੁੱਖ ਬੁਲਾਰੇ ਡਾ. ਹਰਸ਼ਿੰਦਰ ਕੌਰ (ਔਰਤਾਂ ਲਈ ਕੰਮ ਕਰਨ ਦੇ ਖੇਤਰ ਵਿੱਚ ਰਾਸ਼ਟਰਪਤੀ ਪੁਰਸਕਾਰ ਵਿਜੇਤਾ) ਨੇ ਸਮਾਜ ਵਿੱਚ ਔਰਤ ਨਾਲ ਹਰ ਪੱਧਰ 'ਤੇ ਹੁੰਦੇ ਧੱਕੇ, ਜ਼ਿਆਦਤੀਆਂ ਅਤੇ ਜ਼ੁਲਮ ਨੂੰ ਬੜੇ ਭਾਵੁਕ ਸ਼ਬਦਾਂ 'ਚ ਸਰੋਤਿਆਂ ਅੱਗੇ ਪੇਸ਼ ਕੀਤਾ। ਸੈਮੀਨਾਰ ਦੇ ਮੁੱਖ ਮਹਿਮਾਨ ਵਿੱਤੀ ਕਮਿਸ਼ਨਰ ਡਾ. ਸ੍ਰੀ ਐਸ.ਆਰ. ਲੱਧੜ ਅਤੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਸਮੇਤ ਆਏ ਸੀਨੀਅਰ ਅਧਿਕਾਰੀ ਸੈਮੀਨਾਰ ਵਿੱਚ ਹਾਜ਼ਰ ਸਨ।

 

ਡਾ. ਹਰਸ਼ਿੰਦਰ ਕੌਰ ਨੇ ਡਾਕਟਰੀ ਪੇਸ਼ੇ ਨਾਲ ਔਰਤਾਂ ਨਾਲ ਸਬੰਧਤ ਦੁੱਖਾਂ ਦੀਆਂ ਲੂ-ਕੰਡੇ ਖੜੇ ਕਰਨ ਵਾਲੀਆਂ ਘਟਨਾਵਾਂ ਦਾ ਵਰਨਣ ਕੀਤਾ, ਕਿ ਕਿਵੇਂ ਪੰਜਾਬ ਵਿੱਚ ਨਸ਼ਿਆਂ ਕਾਰਨ ਘਰ ਤਬਾਹ ਹੋ ਰਹੇ ਹਨ, ਅਤੇ ਔਰਤ ਸਭ ਤੋਂ ਵੱਧ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਇਸੇ ਤਰ੍ਹਾਂ ਆਰਥਿਕ ਸ਼ੋਸ਼ਣ ਰਾਹੀਂ ਔਰਤਾਂ ਦੇ ਜਿਸਮਾਂ ਦੇ ਸੌਦੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਸੁਨੇਹਾ ਦਿੱਤਾ ਕਿ ਫ਼ੈਸਲਾ ਔਰਤ ਨੇ ਕਰਨਾ ਹੈ ਕਿ ਉਸ ਨੇ ਸਮਾਜ ਅੰਦਰ ਨੁਮਾਇਸ਼ ਦੀ ਚੀਜ਼ ਬਣਨਾ ਹੈ ਜਾਂ ਅਣਖ ਨਾਲ ਜਿਊਣਾ ਹੈ।

 

ਐਸ.ਆਈ.ਆਰ.ਡੀ. ਮੁਖੀ ਅਤੇ ਪ੍ਰੋਫ਼ੈਸਰ ਡਾ. ਰੋਜ਼ੀ ਵੈਦ ਨੇ ਬੜੇ ਭਾਵਪੂਰਤ ਸ਼ਬਦਾਂ ਵਿੱਚ ਕਿਹਾ ਕਿ ਕਿਵੇਂ ਔਰਤ ਨੂੰ ਸਮਾਜਿਕ ਅਤੇ ਰਾਜਸੀ ਖੇਤਰ ਵਿੱਚ ਆਜ਼ਾਦੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਵੀ ਮਰਦਾਂ ਦੀ ਚੌਧਰ ਤੋੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਰਦ ਔਰਤਾਂ ਨੂੰ ਸਮਾਜ ਵਿੱਚ ਅੱਗੇ ਵਧਣ ਲਈ ਮਦਦ ਕਰਨ।

 

ਇਸ ਮੌਕੇ 'ਤੇ ਔਰਤਾਂ ਦੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਡਾ. ਪ੍ਰੀਤੀ ਜਿੰਦਲ ਨੇ ਜਾਣਕਾਰੀ ਦਿੱਤੀ। ਵਿਭਾਗ ਵੱਲੋਂ ਬੀ.ਡੀ.ਪੀ.ਓ. ਘਨੌਰ ਬੀਬੀ ਰੁਪਿੰਦਰ ਕੌਰ ਨੇ ਕਿਹਾ ਕਿ ਮਗਨਰੇਗਾ ਅਤੇ ਕਈ ਹੋਰ ਸਕੀਮਾਂ ਨੇ ਔਰਤਾਂ ਨੂੰੂ ਆਪਣੇ ਪੈਰਾਂ ਸਿਰ ਖੜੇ ਹੋਣ ਵਿੱਚ ਬਹੁਤ ਮਦਦ ਕੀਤੀ ਹੈ। ਵਿੱਤੀ ਕਮਿਸ਼ਨਰ ਸ੍ਰੀ ਐਸ.ਆਰ. ਲੱਧੜ ਅਤੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਨੇ ਆਪਣੇ ਸੰਬੋਧਨ ਵਿੱਚ ਸਮਾਜ ਨੂੰ ਔਰਤਾਂ ਪ੍ਰਤੀ ਨਜ਼ਰੀਆ ਬਦਲਣ 'ਤੇ ਜ਼ੋਰ ਦਿੱਤਾ।

 

ਜਾਇੰਟ ਡਾਇਰੈਕਟਰ ਬੀਬੀ ਰਮਿੰਦਰ ਕੌਰ ਬੁੱਟਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਸਮਾਜ ਵਿੱਚ ਆਪਣੀ ਥਾਂ ਬਣਾਉਣ ਲਈ ਹੋਰ ਜਦੋਜਹਿਦ ਕਰਨ ਦੀ ਜ਼ਰੂਰਤ ਹੈ।

 

ਸਮਾਗਮ ਦੇ ਮੁੱਖ ਮਹਿਮਾਨ ਅਤੇ ਵਿੱਤੀ ਕਮਿਸ਼ਨਰ ਸ੍ਰੀ ਐਸ.ਆਰ. ਲੱਧੜ ਅਤੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਨੇ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਹਰਸ਼ਿੰਦਰ ਕੌਰ ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ।