« Back

Lohri Celebrations - 12.01.2017

Gallery - Lohri Celebrations - 12.01.2017

 

ਪੰਚਾਇਤੀ ਵਿਭਾਗ ਨੇ ਮਨਾਈ ਲੋਹੜੀ

 

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ 12 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਸਾਦਾ, ਪਰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਵਿਕਾਸ ਭਵਨ ਮੋਹਾਲੀ ਵਿਖੇ ਮਨਾਏ ਤਿਉਹਾਰ ਵਿੱਚ ਮੁਲਾਜ਼ਮਾਂ ਨੇ ਭੰਗੜਾ, ਗਿੱਧਾ, ਬੋਲੀਆਂ ਪਾ ਕੇ, ਅਤੇ ਗੀਤ ਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨਿਆਂ। ਵਿੱਤੀ ਕਮਿਸ਼ਨਰ ਅਤੇ ਵਿਭਾਗ ਦੇ ਸਕੱਤਰ ਸ੍ਰੀ ਐਸ. ਆਰ. ਲੱਧੜ, ਡਾਇਰੈਕਟਰ ਸ. ਜੀ.ਕੇ. ਸਿੰਘ, ਜੇ.ਡੀ.ਸੀ. ਸੁਖਜੀਤ ਸਿੰਘ ਬੈਂਸ, ਐਸ.ਟੀ.ਸੀ. ਡਾ. ਰੋਜ਼ੀ ਵੈਦ, ਸੰਯੁਕਤ ਡਾਇਰੈਕਟਰ ਬੀਬੀ ਰਾਮਿੰਦਰ ਕੌਰ ਬੁੱਟਰ, ਮੁੱਖ ਇੰਜੀਨੀਅਰ ਸ. ਪ੍ਰਕਾਸ਼ ਸਿੰਘ, ਅਤੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ਹਾਜ਼ਰ ਸਨ।

 

ਜ਼ਿਕਰਯੋਗ ਹੈ ਕਿ ਵਿਭਾਗ ਨੇ ਪਿਛਲੇ ਸਮਿਆਂ ਵਿੱਚ ਖੇਡਾਂ, ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਕਈ ਨਵੀਆਂ ਪਿਰਤਾਂ ਪਾਈਆਂ ਹਨ। ਪਿਛਲੇ ਸਾਲ ਵਿਭਾਗ ਵੱਲੋਂ ਪੰਚਾਇਤ ਪੱਧਰ 'ਤੇ ਪੇਂਡੂ ਖੇਡਾਂ ਕਰਵਾਈਆਂ। ਇਹ ਖੇਡਾਂ ਬਲਾਕ ਅਤੇ ਜ਼ਿਲ੍ਹਾ ਪੱਧਰ ਤੋਂ ਬਾਅਦ ਸੂਬਾ ਪੱਧਰ 'ਤੇ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਦੇ ਮੈਦਾਨਾਂ ਵਿੱਚ ਕਰਵਾਈਆਂ ਗਈਆਂ ਸਨ। ਇਨ੍ਹਾਂ ਖੇਡਾਂ ਵਿੱਚ ਪੰਚਾਇਤੀ ਨੁਮਾਇੰਦਿਆਂ ਤੋਂ ਇਲਾਵਾ ਪਿੰਡਾਂ ਦੇ ਲੜਕੇ, ਅਤੇ ਲੜਕੀਆਂ ਨੇ ਵੀ ਭਾਗ ਲਿਆ ਸੀ। ਇਸੇ ਤਰ੍ਹਾਂ ਵਿਭਾਗ ਵੱਲੋਂ ਪਿਛਲੇ ਸਾਲ ਵੀ ਲੋਹੜੀ ਦੇ ਮੌਕੇ 'ਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਸੀ। ਵਿਭਾਗ ਵੱਲੋਂ ਆਜ਼ਾਦੀ ਦਿਵਸ 15 ਅਗਸਤ ਮਨਾਇਆ ਗਿਆ। ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਡਾਇਰੈਕਟਰ ਸ. ਜੀ.ਕੇ. ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕਰਕੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ, ਅਤੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਆਪਣੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਗਈ।

 

ਲੋਹੜੀ ਦਾ ਤਿਉਹਾਰ ਵਿੱਤੀ ਕਮਿਸ਼ਨਰ ਸ੍ਰੀ ਐਸ.ਆਰ. ਲੱਧੜ ਅਤੇ ਡਾਇਰੈਕਟਰ ਜੀ.ਕੇ. ਸਿੰਘ ਵੱਲੋਂ ਰਿਬਨ ਕੱਟ ਕੇ ਉਦਘਾਟਨੀ ਰਸਮ ਨਾਲ ਸ਼ੁਰੂ ਕੀਤਾ ਹੋਇਆ। ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਵੀ ਸੀ, ਕਿ ਵਿਭਾਗ ਦੇ ਹੀ ਮਰਦ/ਔਰਤਾਂ ਮੁਲਾਜ਼ਮਾਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਬੀਬਾ ਬਲਜੀਤ ਕੌਰ ਵੱਲੋਂ ਗੁਰਬਾਣੀ ਸ਼ਬਦ ਗਾਉਣ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਭਾਗ ਦੇ ਵੱਖ-ਵੱਖ ਵਿੰਗਾਂ ਵੱਲੋਂ ਮੁਕਾਬਲੇ ਵਿੱਚ ਪੇਸ਼ਕਾਰੀਆਂ ਕੀਤੀਆਂ ਗਈਆਂ। ਕੁੜੀਆਂ ਨੂੰ ਸਮਰਪਿਤ ਗੀਤ ਦਰਸ਼ਕਾਂ ਨੂੰ ਨਵੀਂ ਸੇਧ ਦੇਣ ਵਾਲੇ ਸਨ। ਲੋਹੜੀ ਮੰਗਣ ਦੀ ਰਸਮ ਵੀ ‘ਸੁੰਦਰ ਮੁੰਦਰੀਏ ਹੋ' ਦੀ ਬੋਲੀ ਪਾ ਕੇ ਕੀਤੀ ਗਈ। ਇਹ ਰਸਮ ਕਾਫ਼ੀ ਰੌਚਕ ਰਹੀ, ਕਿਉਂ ਜੋ ਉੱਚ ਅਧਿਕਾਰੀਆਂ ਨੂੰ ਵੀ ਆਪਣੇ ਪਰਸ ਹਲਕੇ ਕਰਨੇ ਪਏ। ਪੰਜ ਘੰਟੇ ਦੇ ਕਰੀਬ ਚੱਲੇ ਇਸ ਪ੍ਰੋਗਰਾਮ 'ਚ ਕਲਾਕਾਰਾਂ ਨੂੰ ਸ. ਸੁਖਜੀਤ ਸਿੰਘ ਬੈਂਸ ਵੱਲੋਂ ਸਨਮਾਨਿਤ ਕੀਤਾ ਗਿਆ, ਅਤੇ ਅੰਤ ਵਿੱਚ ਮੈਡਮ ਰਾਮਿੰਦਰ ਕੌਰ ਬੁੱਟਰ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ।