« Back

New Year 2017 Program

Gallery - New Year 2017 Program

 

ਨਵੇਂ ਸਾਲ 2017 ਸਬੰਧੀ ਪ੍ਰੋਗਰਾਮ

 

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਨਵਾਂ ਸਾਲ 2017 ਨਵੇਕਲੇ ਢੰਗ ਨਾਲ ਮਨਾਉਦਿਆਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਯੋਜਨਾਬੱਧਤਾ ਦਾ ਸੁਨੇਹਾ ਦਿੱਤਾ ਗਿਆ। ਪਿੰਡਾਂ ਦੇ ਵਿਕਾਸ ਦਾ ਸੁਨੇਹਾ ਹੇਠਲੀ ਪੱਧਰ ਤੱਕ ਲਿਜਾਣ ਦਾ ਸੱਦਾ ਦਿੱਤਾ ਗਿਆ। ਵਿਭਾਗ ਦੇ ਵਿੱਤੀ ਕਮਿਸ਼ਨਰ ਤੋਂ ਲੈ ਕੇ ਹੇਠਲੇ ਮੁਲਾਜ਼ਮ ਤੱਕ ਇੱਕ ਟੀਮ ਭਾਵਨਾ ਨਾਲ ਕੰਮ ਕਰਨ ਦੀ ਗੱਲ ਨਵੇਂ ਸਾਲ 'ਤੇ ਕੀਤੀ ਗਈ।

 

ਵਿਕਾਸ ਭਵਨ ਮੋਹਾਲੀ ਵਿਖੇ 2 ਜਨਵਰੀ ਨੂੰ ਸਵੇਰੇ 11 ਵਜੇ ਮੁੱਖ ਹਾਲ ਵਿੱਚ ਸਾਰੇ ਸੀਨੀਅਰ ਅਧਿਕਾਰੀ ਅਤੇ ਮੁਲਾਜ਼ਮ ਇਕੱਠੇ ਹੋਏ। ਇੱਕ ਨਵੀਂ ਉਮੰਗ ਅਤੇ ਇਰਾਦੇ ਦੀ ਝਲਕ ਉਸ ਇਕੱਠ ਵਿੱਚੋਂ ਨਜ਼ਰ ਆ ਰਹੀ ਸੀ। ਵਿੱਤੀ ਕਮਿਸ਼ਨਰ ਸ੍ਰੀ ਐਸ.ਆਰ. ਲੱਧੜ, ਅਤੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਨੇ ਇਸ ਨਵੇਂ ਸਾਲ ਦੀ ਮੀਟਿੰਗ ਦੀ ਅਗਵਾਈ ਕੀਤੀ। ਸੰਯੁਕਤ ਡਾਇਰੈਕਟਰ ਰਾਮਿੰਦਰ ਕੌਰ ਬੁੱਟਰ ਵੱਲੋਂ ਮੀਟਿੰਗ ਦੀ ਕਾਰਵਾਈ ਚਲਾਉਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਗਈ।

 

ਇਸ ਮੌਕੇ ਵਿੱਤੀ ਕਮਿਸ਼ਨਰ ਸ੍ਰੀ ਲੱਧੜ ਨੇ ਹੈੱਡ-ਆਫ਼ਿਸ ਦੇ ਅਧਿਕਾਰੀਆਂ, ਅਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਉਨਾਂ ਕਿਹਾ ਕਿ ਸਾਡੀ ਵੱਸੋਂ ਦਾ ਵੱਡਾ ਹਿੱਸਾ ਪਿੰਡਾਂ ਵਿੱਚ ਵਸਦਾ ਹੈ। ਅਧਿਕਾਰੀ ਅਤੇ ਮੁਲਾਜ਼ਮ ਇੱਕਜੁੱਟ ਹੋ ਕੇ ਕੰਮ ਕਰਦੇ ਹਨ। ਉਨਾਂ ਕਿਹਾ ਕਿ ਉਹ ਪਹਿਲਾਂ ਇਸ ਵਿਭਾਗ ਦੇ ਡਾਇਰੈਕਟਰ ਰਹਿ ਚੁੱਕੇ ਹਨ, ਅਤੇ ਹੁਣ ਵਿੱਤੀ ਕਮਿਸ਼ਨਰ ਵਜੋਂ ਕੰਮ ਕਰਨ ਦਾ ਹੋਰ ਚੰਗਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵਿੱਚ ਬਹੁਤ ਕੁਝ ਕਰਨ ਨੂੰ ਹੈ। ਉਨਾਂ ਚੇਤੇ ਕਰਾਇਆ ਕਿ 2003 ਵਿੱਚ ਰਾਜੀਵ ਗਾਂਧੀ ਜਨ ਸਿਹਤ ਕਲਿਆਣ ਯੋਜਨਾ ਸਕੀਮ ਬਣੀ ਸੀ। ਪੰਜਾਬ ਨੇ ਤਾਂ ਉਸ ਸਾਲ ਹੀ ਖੁੱਲੇ ਵਿੱਚ ਪਖਾਨੇ ਜਾਣ ਤੋਂ ਰੋਕਣ ਲਈ ਪਖਾਨਿਆਂ ਦਾ ਕੰਮ ਸ਼ੁਰੂ ਕੀਤਾ ਸੀ। ਉਸ ਵੇਲੇ ਦੇ ਮੁੱਖ ਮੰਤਰੀ ਵੱਲੋਂ ਪਟਿਆਲਾ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਸੀ। ਕੇਂਦਰ ਸਰਕਾਰ ਵੱਲੋਂ 2014 ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ, ਜਦੋਂ ਕਿ ਪੰਜਾਬ ਨੇ ਤਾਂ 12 ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ।

 

ਸ੍ਰੀ ਲੱਧੜ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2018 ਦਾ ਨਵਾਂ ਸਾਲ ਅਸੀਂ ਵਿਭਾਗ ਦੇ ਨਵੇਂ ਆਡੀਟੋਰੀਅਮ ਵਿੱਚ ਮਨਾਵਾਂਗੇ, ਜਿਸ ਵਿੱਚ 750 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਦਾ ਨੀਂਹ ਪੱਧਰ ਵਿਭਾਗ ਦੇ ਕੈਬਨਿਟ ਮੰਤਰੀ ਵੱਲੋਂ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ। ਉਨਾਂ ਕਿਹਾ ਕਿ ਇਹ ਆਡੀਟੋਰੀਅਮ ਮੋਹਾਲੀ ਨਿਵਾਸੀਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਣੇਗਾ। ਇਹ ਆਡੀਟੋਰੀਅਮ ਜਿੱਥੇ ਵਿਭਾਗ ਦੀਆਂ ਵੱਡੀਆਂ ਮੀਟਿੰਗਾਂ/ਸਮਾਗਮਾਂ ਲਈ ਇਸਤੇਮਾਲ ਹੋਵੇਗਾ, ਉੱਥੇ ਸ਼ਹਿਰ ਦੇ ਲੋਕਾਂ ਦੇ ਸੈਮੀਨਾਰਾਂ/ਸੱਭਿਆਚਾਰਕ ਪ੍ਰੋਗਰਾਮਾਂ ਲਈ ਵੀ ਸੁਵਿਧਾ ਮੁਹੱਈਆ ਕਰੇਗਾ।

 

ਸ੍ਰੀ ਲੱਧੜ ਨੇ ਕਿਹਾ ਕਿ ਇਸ ਮੁੱਖ ਦਫ਼ਤਰ ਦੀ ਯੋਜਨਾ ਵੀ ਐਸ.ਆਈ.ਆਰ.ਡੀ. ਦੇ ਐਸ.ਟੀ.ਸੀ. ਡਾ. ਰੋਜ਼ੀ ਵੈਦ ਦੀ ਮਦਦ ਨਾਲ ਸਿਰੇ ਚਾੜੀ ਗਈ ਸੀ। ਉਸ ਵੇਲੇ ਦੇ ਬੀਜੇ ਬੀਜ ਦਾ ਅੱਜ ਸਾਰੇ ਫ਼ਾਇਦਾ ਉਠਾ ਰਹੇ ਹਨ। ਉਸ ਵੇਲੇ ਐਸ.ਆਈ.ਆਰ.ਡੀ. ਨੂੰ ਨਾਭਾ ਤੋਂ ਬਦਲ ਕੇ ਇੱਥੇ ਲਿਆਂਦਾ ਸੀ। ਉਨਾਂ ਨੇ ਵਿਭਾਗੀ ਤਰੱਕੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਡਾ. ਰੋਜ਼ੀ ਵੈਦ ਹੁਣ ਪ੍ਰੋਫ਼ੈਸਰ ਬਣ ਗਏ ਹਨ, ਅਤੇ ਪਿਛਲੇ ਕਈ ਸਾਲਾਂ ਤੋਂ ਇਨਾਂ ਦਾ ਹੱਕ ਬਕਾਇਆ ਪਿਆ ਸੀ। ਇੰਜੀਨੀਅਰਿੰਗ ਵਿੰਗ ਵਿੱਚ ਦੋ ਐਸ.ਈ. ਤਰੱਕੀ ਦੇ ਕੇ ਬਣਾਏ ਗਏ ਹਨ। ਉਨਾਂ ਕਿਹਾ ਕਿ ਉਨਾਂ ਦੀ ਨੀਤੀ ਹੈ ਕਿ ਸਭ ਨੂੰ ਬਣਦਾ ਹੱਕ ਮਿਲੇ।

 

ਸ੍ਰੀ ਲੱਧੜ ਨੇ ਕਿਹਾ ਕਿ ਅਸੀਂ ਪੇਂਡੂ ਮਾਮਲਿਆਂ ਨਾਲ ਸਬੰਧਤ ਫ਼ੈਸਲੇ ਕਰਦੇ ਹਾਂ। ਜੇਕਰ ਅਸੀਂ ਆਪਣੇ ਲਈ ਇਨਸਾਫ਼ ਦੀ ਉਮੀਦ ਰਖਦੇ ਹਾਂ, ਤਾਂ ਲੋਕਾਂ ਲਈ ਵੀ ਇਨਸਾਫ਼ ਦੇਈਏ। ਸਾਡੀ ਜ਼ਿੰਮੇਵਾਰੀ ਬਣਦੀ ਹੈ, ਕਿ ਸਮਾਜ ਲਈ ਕੰਮ ਕੀਤਾ ਜਾਵੇ। ਉਨਾਂ ਕਿਹਾ ਕਿ ਨਵੇਂ ਸਾਲ 'ਤੇ ਮਤਾ ਕਰੀਏ, ਕਿ ਜੋ ਇਨਸਾਫ਼ ਅਸੀਂ ਆਪਣੇ ਲਈ ਚਾਹੁੰਦੇ ਹਾਂ, ਉਹੋ ਦੂਜਿਆਂ ਨੂੰ ਵੀ ਦੇਈਏ। ਸੰਵੇਦਨਸ਼ੀਲਤਾ ਨਾਲ ਲੋਕਾਂ ਦੇ ਕੰਮ ਕਰੀਏ।