« Back

Republic Day Celebrations - 26.01.2017

Gallery - Republic Day Celebrations ( 26.01.2017)

 

ਪੰਚਾਇਤੀ ਵਿਭਾਗ ਨੇ ਗਣਤੰਤਰ ਦਿਵਸ ਮਨਾਇਆ
ਅੰਬੇਡਕਰ ਦਾ ਸ਼ਾਨਾਮੱਤਾ ਬੁੱਤ ਲਾ ਕੇ ਰਚਿਆ ਇਤਿਹਾਸ

 

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਗਣਤੰਤਰ ਦਿਵਸ ਭਾਵ 26 ਜਨਵਰੀ ਨੂੰ ਨਵਾਂ ਇਤਿਹਾਸ ਸਿਰਜਿਆ ਗਿਆ। ਵਿਭਾਗ ਦੇ ਵਿੱਤੀ ਕਮਿਸ਼ਨਰ ਅਤੇ ਸਕੱਤਰ ਸ੍ਰੀ ਐਸ.ਆਰ. ਲੱਧੜ ਅਤੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ, ਅਤੇ ਬਾਹਰੋਂ ਆਏ ਪਤਵੰਤਿਆਂ ਨੇ ਇਸ ਮਹਾਨ ਦਿਵਸ 'ਤੇ ਵਿਕਾਸ ਭਵਨ ਮੋਹਾਲੀ ਵਿਖੇ ਕੌਮੀ ਝੰਡਾ ਲਹਿਰਾਇਆ, ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਸ਼ਾਨਦਾਰ ਆਦਮ-ਕੱਦ ਬੁੱਤ ਤੋਂ ਪਰਦਾ ਹਟਾ ਕੇ ਸਮੁੱਚੀ ਮਾਨਵਤਾ ਦੇ ਨੇਤਾ ਵਜੋਂ ਦੇਸ਼ ਦੇ ਨਿਰਮਾਣ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।


ਬੇਸ਼ੱਕ 26 ਜਨਵਰੀ ਤੋਂ ਪਿਛਲੀ ਰਾਤ ਤੋਂ ਹੀ ਪੰਜਾਬ, ਅਤੇ ਚੰਡੀਗੜ ਵਿੱਚ ਜ਼ੋਰਦਾਰ ਬਾਰਸ਼ ਹੋ ਰਹੀ ਸੀ, ਪਰ ਇਸ ਦੇ ਬਾਵਜੂਦ ਮਿਥੇ ਸਮੇਂ ਤੋਂ ਪਹਿਲਾਂ ਹੀ ਸਵੇਰੇ 9 ਵਜੇ ਵਿਭਾਗ ਦੇ ਮੁਲਾਜ਼ਮ, ਅਤੇ ਸੱਦੇ 'ਤੇ ਆਏ ਪਤਵੰਤੇ ਵੱਡੀ ਗਿਣਤੀ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ। ਇਨਾਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਐਸ.ਆਈ.ਆਰ.ਡੀ. ਦੇ ਮੁਖੀ ਡਾ. ਰੋਜ਼ੀ ਵੈਦ ਕਰ ਰਹੇ ਸਨ। ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਪ੍ਰਕਾਸ਼ ਸਿੰਘ ਦੀ ਅਗਵਾਈ ਵਿੱਚ ਇੰਜੀਨੀਅਰ ਵਿੰਗ ਦੀ ਟੀਮ ਨੂੰ ਇਹ ਸਿਹਰਾ ਜਾਂਦਾ ਹੈ, ਕਿ ਉਨਾਂ ਨੇ ਦਿਨ-ਰਾਤ ਇੱਕ ਕਰਕੇ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਵਿਕਾਸ ਭਵਨ ਦੇ ਵਿਹੜੇ ਵਿੱਚ ਮਿੱਥੇ ਸਮੇਂ ਤੋਂ ਵੀ ਪਹਿਲਾਂ ਸੁਸ਼ੋਭਿਤ ਕਰਾਇਆ। ਇਹ ਬੁੱਤ ਵਿਸ਼ੇਸ਼ ਤੌਰ 'ਤੇ ਜੈਪੁਰ ਤੋਂ ਤਿਆਰ ਕਰਵਾਇਆ ਗਿਆ ਹੈ।


ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਵਿਕਾਸ ਭਵਨ ਦੀ ਦਿਓਕੱਦ ਇਮਾਰਤ ਵਿੱਚ ਦਾਖਲੇ 'ਤੇ ਅੰਦਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸ਼ਾਨਦਾਰ ਤਸਵੀਰ 'ਤੇ ਸ੍ਰੀ ਐਸ.ਆਰ. ਲੱਧੜ ਦੀ ਅਗਵਾਈ ਹੇਠ ਸਾਰਿਆਂ ਵੱਲੋਂ ਫੁੱਲ ਅਰਪਿਤ ਕੀਤੇ ਗਏ। ਉਸ ਤੋਂ ਬਾਅਦ ਸਾਰੇ ਪਹਿਲੀ ਮੰਜ਼ਿਲ 'ਤੇ ਇਕੱਠੇ ਹੋਏ, ਜਿੱਥੇ ਕਿ ਇਮਾਰਤ ਦੇ ਅੱਗੇ ਲਾਏ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਅਤੇ ਕੌਮੀ ਤਰਾਨਾ ਗਾਇਆ ਗਿਆ। ਇਹ ਰਸਮ ਸ੍ਰੀ ਲੱਧੜ, ਸ੍ਰੀ ਜੀ.ਕੇ. ਸਿੰਘ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀ ਸੁਖਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਹੋਈ। ਉਸ ਤੋਂ ਬਾਅਦ ਪੂਰਾ ਕਾਫ਼ਲਾ ਵਰਦੇ ਮੀਂਹ ਦੀ ਪ੍ਰਵਾਹ ਕੀਤੇ ਬਗੈਰ ਵਿਕਾਸ ਭਵਨ ਦੇ ਵਿਹੜੇ ਵਿੱਚ ਲੱਗੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸ਼ਾਨਾਮੱਤੇ ਬੁੱਤ ਤੋਂ ਪਰਦਾ ਹਟਾਉਣ ਲਈ ਗਿਆ। ਉਸ ਸਮੇਂ ਮਾਹੌਲ ਬਹੁਤ ਜੋਸ਼, ਅਤੇ ਉਤਸ਼ਾਹ ਭਰਪੂਰ ਸੀ, ਜਦੋਂ ਵਿੱਤੀ ਕਮਿਸ਼ਨਰ ਸ੍ਰੀ ਐਸ.ਆਰ. ਲੱਧੜ, ਡਾਇਰੈਕਟਰ ਸ੍ਰੀ ਜੀ.ਕੇ. ਸਿੰਘ, ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀ ਸੁਖਜੀਤ ਸਿੰਘ ਬੈਂਸ, ਐਸ.ਆਈ.ਆਰ.ਡੀ. ਦੇ ਮੁਖੀ ਡਾ. ਰੋਜ਼ੀ ਵੈਦ, ਸੰਯੁਕਤ ਡਾਇਰੈਕਟਰ ਰਾਮਿੰਦਰ ਕੌਰ ਬੁੱਟਰ ਸਮੇਤ ਹੋਰ ਅਧਿਕਾਰੀਆਂ, ਮੁਲਾਜ਼ਮਾਂ, ਅਤੇ ਪਤਵੰਤਿਆਂ ਵੱਲੋਂ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲ ਅਰਪਿਤ ਕੀਤੇ ਗਏ। ਪੰਜਾਬ ਅੰਦਰ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਬਾਬਾ ਸਾਹਿਬ ਦਾ ਸ਼ਾਨਦਾਰ ਬੁੱਤ ਕਿਸੇ ਵਿਭਾਗ ਦੇ ਵਿਹੜੇ 'ਚ ਸੁਸ਼ੋਭਿਤ ਹੋਇਆ ਹੋਵੇਗਾ। ਇਹ ਹੋਰ ਵੀ ਅਹਿਮ ਹੈ, ਕਿ ਪੇਂਡੂ ਵਿਕਾਸ, ਅਤੇ ਪੰਚਾਇਤਾਂ ਵਿਭਾਗ ਸਿੱਧੇ ਤੌਰ 'ਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਹੈ, ਅਤੇ ਬਾਬਾ ਸਾਹਿਬ ਨੇ ਸਮੁੱਚਾ ਜੀਵਨ ਹੀ ਗਰੀਬ, ਨਿਤਾਣੇ, ਪਛੜੇ, ਅਤੇ ਜਾਤਾਂ-ਪਾਤਾਂ ਵਿੱਚ ਵੰਡੇ ਸਮਾਜ ਦੀ ਥਾਂ ਇਨਸਾਨੀ ਕਰਦਾਂ- ਕੀਮਤਾਂ ਨਾਲ ਸਾਂਝਾ ਸਮਾਜ ਸਿਰਜਣ ਦੇ ਲੇਖੇ ਲਾਇਆ ਹੈ।
ਇਹ ਸਾਰੀਆਂ ਸ਼ਾਨਾਮੱਤੀਆਂ ਅਤੇ ਮਾਨਵਤਾ ਨੂੰ ਸੁਨੇਹਾ ਦੇਣ ਵਾਲੀਆਂ ਰਸਮਾਂ ਸੰਪੰਨ ਕਰਨ ਬਾਅਦ ਵਿਕਾਸ ਭਵਨ ਦੇ ਮੁੱਖ ਹਾਲ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਮਾਨਵਤਾ ਦੀ ਮਜ਼ਬੂਤੀ, ਅਤੇ ਨਰੋਏ ਸਮਾਜ ਲਈ ਦਿੱਤੇ ਸੁਨੇਹੇ 'ਤੇ ਸਮਾਗਮ ਰਚਿਆ ਗਿਆ। ਸਮੁੱਚਾ ਹਾਲ ਦਰਸ਼ਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਸਟੇਜ ਦੇ ਪਿੱਛੇ ਡਾ. ਭੀਮ ਰਾਓ ਅੰਬੇਡਕਰ ਦਾ ਰੰਗਦਾਰ ਬੈਨਰ ਲੱਗਾ ਹੋਇਆ ਸੀ। ਡਾ. ਰੋਜ਼ੀ ਵੈਦ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਸਟੇਜ ਸੰਚਾਲਨ ਬਾਖ਼ੂਬੀ ਕੀਤਾ ਗਿਆ।


ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ ਵੱਲੋਂ ਗਣਤੰਤਰ ਦਿਵਸ ਦੀ ਅਹਿਮੀਅਤ 'ਤੇ ਪੇਸ਼ ਕੀਤੇ ਵਿਚਾਰਾਂ ਨਾਲ ਹੋਈ। ਉਨਾਂ ਕਿਹਾ ਕਿ ਗਣਤੰਤਰ ਸਾਰੀਆਂ ਕੌਮਾਂ ਨੂੰ ਨਸੀਬ ਨਹੀਂ ਹੁੰਦਾ। ਆਜ਼ਾਦੀ ਇੱਕ ਪਹਿਲੂ ਹੈ, ਅਤੇ ਗਣਤੰਤਰ ਦੂਜਾ ਪਹਿਲੂ ਹੈ। ਉਨਾਂ ਨੇ ਸਭ ਤੋਂ ਪਹਿਲਾਂ 68ਵੇਂ ਗਣਤੰਤਰ ਦਿਵਸ 'ਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਨੂੰ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਇਹ ਬਹੁਤ ਅਹਿਮ ਹੈ ਕਿ ਡਾ. ਭੀਮ ਰਾਓ ਅੰਬੇਡਕਰ ਦਾ ਭਾਰਤ ਨੂੰ ਬਣਾਉਣ ਵਿੱਚ ਵੱਡਾ ਯੋਗਦਾਨ ਹੈ। ਉਨਾਂ ਨੇ ਵੇਰਵੇ ਨਾਲ ਦੱਸਿਆ, ਕਿ ਕਿਵੇਂ ਉਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਮੁਕੰਮਲ ਕਰਨ ਲਈ ਦੂਜੇ ਮਾਹਿਰਾਂ ਦੇ ਸਹਿਯੋਗ ਨਾਲ ਭੂਮਿਕਾ ਨਿਭਾਈ। ਉਨਾਂ ਨੇ ਮੁਢਲੇ ਅਧਿਕਾਰਾਂ ਦਾ ਹੱਕ ਸਾਰੇ ਲੋਕਾਂ ਲਈ ਯਕੀਨੀ ਬਣਾਇਆ। ਉਨਾਂ ਦਾ ਨਿਸ਼ਾਨਾ ਸੀ, ਕਿ ਸਮਾਜਿਕ, ਰਾਜਸੀ, ਆਰਥਿਕ, ਬੋਲਣ ਦਾ ਅਧਿਕਾਰ, ਅਤੇ ਆਪੋ-ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ ਭਾਰਤ ਦੇ ਹਰ ਨਾਗਰਿਕ ਨੂੰ ਮੁਹੱਈਆ ਹੋਵੇ। ਉਨਾਂ ਨੇ ਦੇਸ਼ ਦੇ ਫ਼ੈਡਰਲ ਢਾਂਚੇ, ਜੁਡੀਸ਼ਰੀ, ਅਤੇ ਕਮਜ਼ੋਰ ਵਰਗਾਂ ਦੀ ਰਾਖੀ ਦੀ ਗੱਲ ਕੀਤੀ। ਸ੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ 'ਤੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਨ ਦਾ ਸੁਨੇਹਾ ਜਾਵੇ।


ਸਾਬਕਾ ਪੁਲੀਸ ਅਧਿਕਾਰੀ ਸ੍ਰੀ ਸੀਤਾ ਰਾਮ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਮਹੂਰੀਅਤ ਦਾ ਸੁਨੇਹਾ ਗੁਰੂ ਨੇ ਦਿੱਤਾ। ਸ੍ਰੀ ਸੀਤਾ ਰਾਮ ਨੇ ਕਿਹਾ ਕਿ ਭਾਰਤ ਜਾਤਾਂ ਵਿੱਚ ਵੰਡੇ ਹੋਣ ਕਾਰਨ ਹੀ ਕਮਜ਼ੋਰ ਹੋਇਆ।


ਕੈਪਟਨ ਸੁਰਿੰਦਰ ਕੁਮਾਰ ਏ.ਡੀ.ਜੀ.ਪੀ. ਮਹਾਂਰਾਸ਼ਟਰ ਨੇ ਆਪਣੇ ਭਾਵਪੂਰਤ ਸੁਨੇਹੇ ਵਿੱਚ ਕਿਹਾ ਕਿ ਧਰਮ, ਜਾਤ ਅਤੇ ਵਖਰੇਵਿਆਂ ਵਿੱਚ ਵੰਡਿਆ ਮੁਲਕ ਅੱਗੇ ਨਹੀਂ ਵਧ ਸਕਦਾ। ਉਨਾਂ ਕਿਹਾ ਕਿ ਅਸੀਂ ਦੇਸ਼ ਨੂੰ ਪਿਆਰ ਨਹੀਂ ਕਰਦੇ, ਆਪਣੇ ਪਰਿਵਾਰਾਂ ਨੂੰ ਪਿਆਰ ਕਰਦੇ ਹਾਂ।


ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਪਿ੍ਰਥਵੀ ਰਾਜ ਕਪੂਰ ਸਾਬਕਾ ਜਨਰਲ ਚੀਫ਼ ਪੋਸਟ ਮਾਸਟਰ ਪੰਜਾਬ, ਹਿਮਾਚਲ, ਅਤੇ ਚੰਡੀਗੜ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਬਹੁਤ ਹੀ ਵੇਰਵੇ ਨਾਲ ਕਿਹਾ, ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਮਹਾਨ ਨਾਇਕ ਸਨ। ਉਨਾਂ ਕਿਹਾ ਕਿ ਸੰਵਿਧਾਨ, ਅਤੇ ਗਣਤੰਤਰ ਵਿਕਾਸ ਅਲੱਗ ਨਹੀਂ ਹੋ ਸਕਦੇ। ਉਨਾਂ ਕਿਹਾ ਕਿ ਸੰਕੀਰਨ ਸੋਚ ਛੱਡ ਕੇ ਡਾ. ਭੀਮ ਰਾਓ ਅੰਬੇਡਕਰ ਦੇ ਸਮੁੱਚੇ ਯੋਗਦਾਨ, ਅਤੇ ਉਸ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਦੁਨੀਆਂ ਦੇ ਜੀਨੀਅਸ ਮਨੁੱਖ ਹੋਏ ਹਨ। ਉਨਾਂ ਨੇ ਵੱਖ-ਵੱਖ ਸਰਵੇਖਣਾਂ ਦੇ ਹਵਾਲਿਆਂ ਨਾਲ ਦੱਸਿਆ, ਕਿ ਬਾਬਾ ਸਾਹਿਬ ਹਰ ਸਰਵੇ ਵਿੱਚ ਮਾਨਵੀ ਜੀਨੀਅਸ ਸਾਬਤ ਹੋਏ ਹਨ। ਇਹ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਕਿ ਬਾਬਾ ਸਾਹਿਬ ਭਾਰਤ ਦੇ ਸਨ। ਉਨਾਂ ਕਿਹਾ ਕਿ ਸਮਾਜ ਦੀ ਬੁਰਾਈ ਜਾਤ-ਪਾਤ, ਅਤੇ ਛੂਤ-ਛਾਤ ਨਾਲ ਦੇਸ਼ ਮਹਾਨ ਨਹੀਂ ਬਣ ਸਕਦਾ। ਉਨਾਂ ਨੇ ਆਪਣੇ ਭਾਸ਼ਣ ਵਿੱਚ ਸਪਸ਼ਟ ਸੁਨੇਹਾ ਦਿੱਤਾ, ਕਿ ਸਮਾਜਿਕ ਅਤੇ ਆਰਥਿਕ ਆਜ਼ਾਦੀ ਬਗੈਰ ਆਜ਼ਾਦੀ ਦੇ ਮਾਅਨੇ ਬੇਅਰਥ ਹਨ।


ਵਿੱਤੀ ਕਮਿਸ਼ਨਰ ਸ੍ਰੀ ਲੱਧੜ ਨੇ 68ਵੇਂ ਗਣਤੰਤਰ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਬਾਬਾ ਸਾਹਿਬ ਮਹਾਨ ਮਨੁੱਖ ਹੋਏ ਹਨ। ਉਨਾਂ ਨੇ ਅਛੂਤਾਂ ਦੀ ਗੱਲ ਕੀਤੀ, ਇਸਤਰੀਆਂ ਦੇ ਹੱਕਾਂ ਦੀ ਗੱਲ ਕੀਤੀ, ਰਾਜਸੀ ਅਧਿਕਾਰਾਂ, ਕਾਨੂੰਨ, ਅਤੇ ਆਰਥਿਕ ਇਨਸਾਫ਼ ਦੀ ਗੱਲ ਕੀਤੀ। ਬਾਬਾ ਸਾਹਿਬ ਦੀਆਂ 40 ਕਿਤਾਬਾਂ ਹਨ, ਅਤੇ ਹਰ ਇੱਕ ਲਾਈਨ ਸੁਨੇਹਾ ਦਿੰਦੀ ਹੈ। ਉਹ ਵਿਤਕਰਿਆਂ ਖ਼ਿਲਾਫ਼ ਲੜਨ ਦੇ ਚੈਂਪੀਅਨ ਸਨ। ਬਾਬਾ ਸਾਹਿਬ ਨੇ ਹਿੰਦੂ ਕੋਡ ਬਿੱਲ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ। ਉਨਾਂ ਦੀ ਗੱਲ ਨਾ ਮੰਨੀ ਗਈ, ਤਾਂ ਵਜ਼ਾਰਤ ਵਿੱਚੋਂ ਅਸਤੀਫ਼ਾ ਦੇ ਦਿੱਤਾ। ਸਮਾਜ ਵਿੱਚ ਇੱਕ ਜਮਾਤ ਦਾ ਦੂਜੀ ਜਮਾਤ 'ਤੇ ਰਾਜ ਕਰਨ ਦਾ ਹੱਕ ਨਹੀਂ ਹੈ। ਉਨਾਂ ਕਿਹਾ ਕਿ ਰਿਜ਼ਰਵ ਬੈਂਕ, ਚੋਣ ਕਮਿਸ਼ਨ, ਅਤੇ ਵਿਕਾਸ ਦੇ ਮੁਢਲੇ ਪ੍ਰਾਜੈਕਟ ਬਾਬਾ ਸਾਹਿਬ ਦੀ ਦੇਣ ਹਨ।
ਸ੍ਰੀ ਲੱਧੜ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਨੇਹਾ ਹੈ, ਕਿ ਗਿਆਨ ਸ਼ੇਰਨੀ ਦਾ ਦੁੱਧ ਹੈ। ਸ੍ਰੀ ਲੱਧੜ ਦੀ ਪਲੇਠੀ ਪੁਸਤਕ ‘ਸ਼ੇਰਨੀ ਦਾ ਦੁੱਧ' ਇਸੇ ਵਿਚਾਰਧਾਰਾ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਦੀ ਤੁਲਨਾ ਦੁਨੀਆਂ ਦੇ ਮਹਾਨ ਮਨੁੱਖਾਂ ਨਾਲ ਕਰਨੀ ਬਣਦੀ ਹੈ। ਉਨਾਂ ਨੂੰ ਵਰਗ ਵਿਸ਼ੇਸ਼ ਨਾਲ ਜੋੜ ਕੇ ਵੇਖਣਾ ਬਹੁਤ ਵੱਡਾ ਅਨਿਆਂ ਹੈ। ਅੱਜ ਦਾ ਦਿਵਸ ਇਹ ਸੁਨੇਹਾ ਦਿੰਦਾ ਹੈ, ਕਿ ਬਾਬਾ ਸਾਹਿਬ ਦੇ ਪੂਰਨਿਆਂ 'ਤੇ ਚੱਲਿਆ ਜਾਵੇ।


ਆਖ਼ਿਰ ਵਿੱਚ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀ ਸੁਖਜੀਤ ਸਿੰਘ ਬੈਂਸ ਨੇ ਆਪਣੇ ਖ਼ਾਸ ਅੰਦਾਜ਼ ਵਿੱਚ ਆਏ ਮਹਿਮਾਨਾਂ, ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੀ ਖ਼ਾਸੀਅਤ ਇਹ ਵੀ ਸੀ, ਕਿ ਇਹ ਇੱਕ ਵਜੇ ਤੋਂ ਬਾਅਦ ਤੱਕ ਚੱਲਿਆ, ਅਤੇ ਸਾਰਿਆਂ ਨੇ ਪੂਰੇ ਧਿਆਨ ਨਾਲ ਬੁਲਾਰਿਆਂ ਦੇ ਵਿਚਾਰ ਸੁਣੇ।